ਸਾਰੇ ਜੱਗ ਦੀਆਂ ਅੱਖਾਂ ਦਿਓ ਤਾਰਿਓ
ਸੌਂ 'ਜੋ ਸੌਂ 'ਜੋ ਵੇ ਦਾਦੀ ਦੇ ਦੁਲਾਰਿਓ
ਲਾ ਕੇ ਸੀਨੇ ਨਾਲ ਲਾਲਾਂ ਦੀਆਂ ਜੋੜੀਆਂ
ਮਾਤਾ ਗੁਜਰੀ ਸੁਣਾਉਂਦੀ ਬੈਠੀ ਲੋਰੀਆਂ
ਜਾਂਦੀ ਵਾਰੀ ਮੇਰੀ ਹਿੱਕੜੀ ਨੂੰ ਠਾਰਿਓ...
ਕਾਲ਼ੀ ਰਾਤ ਵੇ ਸਿਰਾਂ ਦੇ ਉੱਤੇ ਸ਼ੂਕਦੀ
ਹੋਣੀ ਫਿਰਦੀ ਹਵਾਵਾਂ ਵਿਚ ਕੂਕਦੀ
ਸੀਸ ਵਾਰ ਦਿਉ ਸਿਦਕ ਨਾ ਹਾਰਿਓ...
ਅੱਜ ਦੱਸਦਾ ਸੀ ਸੂਬੇ ਦਾ ਜਲਾਦ ਵੇ
ਉਹਨਾਂ ਤੋੜ ਲੈਣੇ ਡਾਲੀ ਤੋਂ ਗੁਲਾਬ ਵੇ
ਤੁਸੀਂ ਟੁੱਟ ਕੇ ਵੀ ਮਹਿਕਾਂ ਨਾ ਵਿਸਾਰਿਓ...
ਔਖੇ ਹੁੰਦੇ ਨੇ ਜੁਝਾਰੂਆਂ ਦੇ ਪੰਧ ਵੇ
ਆਉਂਦੀ ਪੈਰ ਪੈਰ ਉੱਤੇ ਕੋਈ ਕੰਧ ਵੇ
ਤੁਸੀਂ ਜਗਦੇ ਰਿਹੋ ਵੇ ਚੰਨ ਤਾਰਿਓ...
ਹੁਣ ਸੌਂ 'ਜੋ ਵੇ ਦਾਦੀ ਦੇ ਦੁਲਾਰਿਓ...